ਵਿਕਟੋਰੀਆ ਦਾ ਗੱਲਬਾਤ ਰਾਹੀਂ ਤੈਅ ਕੀਤੀ ਗਈ ਸੰਧੀ ਅਤੇ ਰਾਜ-ਪੱਧਰੀ ਸੰਧੀ ਬਿੱਲ 2025 (Victoria’s negotiated Treaty & Statewide Treaty Bill 2025 - Punjabi)

ਵਿਕਟੋਰੀਆ (ਰਾਜ ਸਰਕਾਰ) ਅਤੇ ਫਰਸਟ ਪੀਪਲਜ਼ ਐਸੈਂਬਲੀ ਆਫ਼ ਵਿਕਟੋਰੀਆ ਨੇ ਇੱਕ ਰਾਜ-ਪੱਧਰੀ ਸੰਧੀ ‘ਤੇ ਗੱਲਬਾਤ ਰਾਹੀਂ ਸਹਿਮਤੀ ਹਾਸਿਲ ਕੀਤੀ ਹੈ। ਇਹ 'ਰਾਜ-ਪੱਧਰੀ ਸੰਧੀ ਬਿੱਲ 2025' ਵਿਕਟੋਰੀਆ ਵਿੱਚ ਇਸ ਸੰਧੀ ਨੂੰ ਕਾਨੂੰਨੀ ਤਾਕਤ ਦੇਵੇਗਾ।

ਇਹ ਸੰਧੀ ਵਿਕਟੋਰੀਆ ਸਰਕਾਰ ਅਤੇ ਐਬੋਰਿਜ਼ਨਲ ਭਾਈਚਾਰਿਆਂ ਦਰਮਿਆਨ ਇੱਕ ਸਰਕਾਰੀ ਸਮਝੌਤਾ ਹੈ। ਇਹ ਹੇਠ ਲਿਖੀਆਂ ਗੱਲਾਂ ਕਰਨ ਦਾ ਇੱਕ ਤਰੀਕਾ ਹੈ:

  • ਐਬੋਰਿਜ਼ਨਲ ਇਤਿਹਾਸ ਅਤੇ ਸੱਭਿਆਚਾਰ ਨੂੰ ਪਛਾਣਨ ਅਤੇ ਸਤਿਕਾਰ ਦੇਣ ਦਾ।
  • ਐਬੋਰਿਜ਼ਨਲ ਲੋਕਾਂ ਨੂੰ ਉਹਨਾਂ ਨਾਲ ਜੁੜੇ ਫ਼ੈਸਲਿਆਂ ਵਿੱਚ ਆਪਣੀ ਰਾਏ ਵਧੇਰੇ ਦੇਣ ਦਾ।
  • ਵਿਕਟੋਰੀਆ ਵਿੱਚ ਹਰ ਕਿਸੇ ਲਈ ਵਧੇਰੇ ਨਿਰਪੱਖ ਭਵਿੱਖ ਬਣਾਉਣ ਦਾ।

ਸੰਧੀ ਤੱਕ ਦਾ ਸਫ਼ਰ

ਲੰਬੇ ਸਮੇਂ ਤੱਕ, ਫ਼ਰਸਟ ਪੀਪਲਜ਼ ਨੂੰ ਉਹਨਾਂ ਨਾਲ ਜੁੜੇ ਕਾਨੂੰਨਾਂ ਅਤੇ ਨੀਤੀਆਂ ਬਣਾਉਣ ਵਿੱਚ ਸ਼ਾਮਲ ਨਹੀਂ ਕੀਤਾ ਗਿਆ।

ਯੂਰੂਕ ਜਸਟਿਸ ਕਮਿਸ਼ਨ, ਜੋ ਇੱਕ ਸਰਕਾਰੀ ਸੱਚਾਈ ਬਿਆਨ ਕਰਨ ਵਾਲੀ ਜਾਂਚ ਹੁੰਦੀ ਹੈ, ਨੇ ਬੇਇਨਸਾਫ਼ੀ ਦੀਆਂ ਕਹਾਣੀਆਂ ਇਕੱਠੀਆਂ ਕੀਤੀਆਂ ਅਤੇ ਲੋਕਾਂ ਨੂੰ ਵਿਕਟੋਰੀਆ ਵਿੱਚ ਫ਼ਰਸਟ ਪੀਪਲਜ਼ ਦੇ ਅਨੁਭਵਾਂ ਨੂੰ ਸਮਝਣ ਵਿੱਚ ਮੱਦਦ ਕੀਤੀ।

ਸੰਧੀ ਅਸਲੀ ਬਦਲਾਅ ਲਿਆਉਣ ਦਾ ਇੱਕ ਤਰੀਕਾ ਹੈ — ਤਾਂ ਜੋ ਫ਼ਰਸਟ ਪੀਪਲਜ਼ ਨੂੰ ਉਹਨਾਂ ਦੇ ਭਾਈਚਾਰਿਆਂ ਨਾਲ ਜੁੜੇ ਮੁੱਦਿਆਂ ‘ਤੇ ਵੱਧ ਬੋਲਣ ਦਾ ਅਧਿਕਾਰ ਮਿਲੇ।

ਵਿਕਟੋਰੀਆ ਵਿੱਚ, ਅਸੀਂ ਲਗਭਗ ਇੱਕ ਦਹਾਕੇ ਤੋਂ ਸੰਧੀ 'ਤੇ ਕੰਮ ਕਰ ਰਹੇ ਹਾਂ। ਅਸੀਂ ਇੱਕ ਮਜ਼ਬੂਤ ਨੀਂਹ ਰੱਖੀ ਹੈ।

ਸੰਧੀ ਇਹ ਯਕੀਨੀ ਬਣਾਉਣ ਦੀ ਕੁੰਜੀ ਹੈ ਕਿ ਸਾਰੇ ਵਿਕਟੋਰੀਆ ਵਾਸੀਆਂ ਨੂੰ ਇੱਕੋ ਜਿਹੇ ਮੌਕੇ ਮਿਲਣ।

ਜਦੋਂ ਫ਼ਰਸਟ ਪੀਪਲਜ਼ ਨੀਤੀਆਂ ਅਤੇ ਹੱਲਾਂ ਦੀ ਯੋਜਨਾ ਬਣਾਉਣ ਦੀ ਅਗਵਾਈ ਕਰਦੇ ਹਨ, ਤਾਂ ਸਾਨੂੰ ਹੋਰ ਬਿਹਤਰ ਨਤੀਜੇ ਹਾਸਿਲ ਹੁੰਦੇ ਹਨ।

ਗੈਲੰਗ ਵਾਰਲ ਕੀ ਹੈ?

ਇਹ 'ਰਾਜ-ਪੱਧਰੀ ਸੰਧੀ ਬਿੱਲ 2025' ਇੱਕ ਨਵੀਂ ਸੰਸਥਾ “ਗੈਲੰਗ ਵਾਰਲ” ( ਗੈਲੰਗ-ਵਾਰਲ, ਗੁਨਾਈਕੁਰਨਾਈ ਭਾਸ਼ਾ ਤੋਂ) ਸਥਾਪਤ ਕਰੇਗਾ। ਗੈਲੰਗ ਵਾਰਲ:

  • ਚੁਣੇ ਹੋਏ ਫ਼ਰਸਟ ਪੀਪਲਜ਼ ਦੇ ਪ੍ਰਤਿਨਿਧੀਆਂ ਤੋਂ ਬਣੀ ਹੋਈ ਹੋਵੇਗੀ।
  • ਉਹਨਾਂ ਸਰਕਾਰੀ ਫ਼ੈਸਲਿਆਂ ਨੂੰ ਸੇਧ ਦੇਵੇਗੀ, ਜੋ ਫ਼ਰਸਟ ਪੀਪਲਜ਼ ਭਾਈਚਾਰਿਆਂ ਨੂੰ ਪ੍ਰਭਾਵਿਤ ਕਰਦੇ ਹਨ।
  • ਸੱਚਾਈ ਬਿਆਨ ਕਰਨ, ਆਪਸੀ ਸਮਝੌਤੇ ਅਤੇ ਸਿੱਖਿਆ ਨੂੰ ਉਤਸ਼ਾਹਿਤ ਕਰੇਗੀ।
  • ਖ਼ੁਦਮੁਖ਼ਤਿਆਰ ਤੌਰ 'ਤੇ ਕੰਮ ਕਰੇਗੀ, ਪਰ ਕਾਨੂੰਨਾਂ ਨੂੰ ਬਦਲਣ ਜਾਂ ਸਰਕਾਰੀ ਫ਼ੈਸਲਿਆਂ ਨੂੰ ਰੋਕਣ ਦੀ ਸ਼ਕਤੀ ਨਹੀਂ ਹੋਵੇਗੀ।

ਗੈਲੰਗ ਵਾਰਲ ਵਿਕਟੋਰੀਆ ਦੀ ਸਫ਼ਲ ਰਹੀ ਫ਼ਰਸਟ ਪੀਪਲਜ਼ ਐਸੈਂਬਲੀ ਤੋਂ ਵਿਕਸਤ ਹੋਈ ਹੈ, ਜਿਸ ਦੇ ਤਿੰਨ ਮੁੱਖ ਹਿੱਸੇ ਹੋਣਗੇ:

  • ਫ਼ਰਸਟ ਪੀਪਲਜ਼ ਐਸੈਂਬਲੀ ਆਫ਼ ਵਿਕਟੋਰੀਆ, ਜੋ ਲੋਕਤੰਤਰੀ ਤਰੀਕੇ ਨਾਲ ਚੁਣੇ ਗਏ ਫ਼ਰਸਟ ਪੀਪਲਜ਼ ਦੇ ਮੈਂਬਰਾਂ ਤੋਂ ਬਣੀ ਹੋਈ ਹੋਵੇਗੀ। ਉਹ ਸੰਸਦ ਅਤੇ ਵਿਕਟੋਰੀਆ ਸਰਕਾਰ ਨੂੰ ਫ਼ਰਸਟ ਪੀਪਲਜ਼ ਨਾਲ ਸੰਬੰਧਿਤ ਮੁੱਦਿਆਂ ‘ਤੇ ਸਲਾਹ ਦੇਣਗੇ ਅਤੇ ਉਹਨਾਂ ਮੁੱਦਿਆਂ ‘ਤੇ ਫ਼ੈਸਲੇ ਕਰਨਗੇ ਜੋ ਫ਼ਰਸਟ ਪੀਪਲਜ਼ ਨੂੰ ਪ੍ਰਭਾਵਿਤ ਕਰਦੇ ਹਨ।
  • ਨਿਗਿਨਮਾ ਨਗਾਇੰਗਾ ਵਾਰਾ (ਨਗ-ਇਨ-ਮਾ ਨਗ-ਆਈ-ਨਗਾ ਵਾ-ਰਾ, ਜੋ ਕਿ ਇੱਕ ਵਾਡੀ ਵਾਡੀ ਸ਼ਬਦ ਹੈ), ਇਹ ਇੱਕ ਨਵਾਂ ਹਿੱਸਾ ਹੋਵੇਗਾ ਜੋ ਇਸ ਗੱਲ ਦੀ ਨਿਗਰਾਨੀ ਕਰੇਗਾ ਕਿ ਸਰਕਾਰ “ਕਲੋਜ਼ਿੰਗ ਦ ਗੈਪ” ਸਮਝੌਤੇ ਹੇਠ ਆਪਣੇ ਕੀਤੇ ਵਾਅਦੇ ਕਿਵੇਂ ਪੂਰੇ ਕਰ ਰਹੀ ਹੈ (ਇਹ ਇੱਕ ਰਾਸ਼ਟਰੀ ਵਚਨਬੱਧਤਾ ਹੈ ਜੋ ਐਬੋਰਿਜ਼ਨਲ ਅਤੇ ਟੋਰੈਸ ਸਟ੍ਰੇਟ ਆਇਲੈਂਡਰ ਲੋਕਾਂ ਦੀ ਜ਼ਿੰਦਗੀ ਦੇ ਨਤੀਜਿਆਂ ਨੂੰ ਬਿਹਤਰ ਬਣਾਉਣ ਲਈ ਕੀਤੀ ਗਈ ਹੈ)।
  • ਨਿਯੇਰਨਾ ਯੂਰੂਕ ਟੈਲਕੁਨਾ (ਨਾਇਰਨ-ਆਹ ਯੂ-ਰੂਕ ਟੈਰਲ-ਕੁਨ-ਆਹ, ਜੋ ਕਿ ਇੱਕ ਵਾਂਬਾ ਵੈਂਬਾ ਸ਼ਬਦ ਹੈ), ਇਹ ਸੱਚਾਈ ਬਿਆਨ ਕਰਨ ਵਾਲਾ ਹਿੱਸਾ ਹੋਵੇਗਾ, ਜੋ ਇਤਿਹਾਸ, ਸਿੱਖਿਆ, ਆਪਸੀ ਸਮਝੌਤੇ ਅਤੇ ਸੁਲ੍ਹਾ-ਸਫਾਈ ‘ਤੇ ਧਿਆਨ ਕੇਂਦ੍ਰਿਤ ਹੋਵੇਗਾ।

ਗੈਲੰਗ ਵਾਰਲ ਸਰਕਾਰ ਤੋਂ ਸੁਤੰਤਰ ਤੌਰ ‘ਤੇ ਕੰਮ ਕਰੇਗੀ, ਪਰ ਸੰਸਦ ਦੇ ਨਿਯਮਾਂ ਅੰਦਰ ਰਹਿ ਕੇ।

ਇਸ ਕੋਲ ਵੀਟੋ ਪਾਵਰ ਨਹੀਂ ਹੋਵੇਗੀ - ਇਹ ਕਾਨੂੰਨ ਜਾਂ ਨੀਤੀਆਂ ਨੂੰ ਰੋਕ ਨਹੀਂ ਸਕਦੀ ਹੈ।

ਇਸਦੀ ਨਿਗਰਾਨੀ ਬਾਕੀ ਦੀਆਂ ਖ਼ੁਦਮੁਖ਼ਤਿਆਰ ਏਜੰਸੀਆਂ ਵਾਂਗ ਹੀ ਕੀਤੀ ਜਾਵੇਗੀ (ਜਿਵੇਂ ਕਿ ਆਡਿਟ ਸੰਸਥਾਵਾਂ, ਓਮਬਡਸਮੈਨ ਦੁਆਰਾ)।

ਗੈਲੰਗ ਵਾਰਲ ਕੀ ਕਰ ਸਕਦੀ ਹੈ?

ਇਹ ਉਨ੍ਹਾਂ ਮੁੱਦਿਆਂ ਬਾਰੇ ਨਿਯਮ ਅਤੇ ਦਿਸ਼ਾ-ਨਿਰਦੇਸ਼ ਤਿਆਰ ਕਰ ਸਕਦੀ ਹੈ ਜੋ ਸਿੱਧੇ ਤੌਰ ‘ਤੇ ਫ਼ਰਸਟ ਪੀਪਲਜ਼ ਨੂੰ ਪ੍ਰਭਾਵਿਤ ਕਰਦੇ ਹਨ। ਉਦਾਹਰਨਾਂ ਵਿੱਚ ਸ਼ਾਮਲ ਹਨ:

  • ਇਸ ਬਾਰੇ ਨਿਯਮ ਕਿ ਐਬੋਰਿਜ਼ਨਲ ਪਹਿਚਾਣ ਦੀ ਪੁਸ਼ਟੀ ਕਰਨ ਲਈ “ਭਾਈਚਾਰੇ ਵੱਲੋਂ ਸਵੀਕ੍ਰਿਤੀ” ਨੂੰ ਕਿਵੇਂ ਪਰਿਭਾਸ਼ਿਤ ਕੀਤਾ ਜਾਂਦਾ ਹੈ
  • ਕੁੱਝ ਵਿਰਾਸਤੀ ਕੌਂਸਲਾਂ ਵਿੱਚ ਫ਼ਰਸਟ ਪੀਪਲਜ਼ ਦੇ ਪ੍ਰਤਿਨਿਧੀਆਂ ਦੀ ਨਿਯੁਕਤੀ ਕਰਕੇ
  • ਫ਼ਰਸਟ ਪੀਪਲਜ਼ ਵਿਚਕਾਰ ਮੌਜੂਦਾ ਪਾਣੀ ਦੇ ਅਧਿਕਾਰਾਂ ਨੂੰ ਸਾਂਝਾ ਕਰਨ ਜਾਂ ਵਪਾਰ ਕਰਨ ਲਈ ਦਿਸ਼ਾ-ਨਿਰਦੇਸ਼
  • ਉਦਯੋਗਾਂ ਅਤੇ ਖੇਤਰਾਂ ਵਿੱਚ ਸੱਭਿਆਚਾਰਕ ਸੁਰੱਖਿਆ ਬਾਰੇ ਦਿਸ਼ਾ-ਨਿਰਦੇਸ਼
  • ਇਸ ਬਾਰੇ ਅੰਦਰੂਨੀ ਨਿਯਮ ਕਿ ਗੈਲੰਗ ਵਾਰਲ ਆਪਣੇ ਆਪ ਕਿਵੇਂ ਕੰਮ ਕਰੇਗੀ।

ਇਹ ਦਿਸ਼ਾ-ਨਿਰਦੇਸ਼ ਲਾਜ਼ਮੀ ਨਹੀਂ ਹਨ ਅਤੇ ਮੌਜੂਦਾ ਰਾਜ ਜਾਂ ਕੇਂਦਰੀ ਕਾਨੂੰਨਾਂ ਨਾਲ ਟਕਰਾਉਣੇ ਨਹੀਂ ਚਾਹੀਦੇ ਹਨ।

ਗੈਲੰਗ ਵਾਰਲ ਹੇਠ ਲਿਖੇ ਤਰੀਕਿਆਂ ਰਾਹੀਂ ਸੰਧੀ ਸੁਧਾਰਾਂ ਨੂੰ ਲਾਗੂ ਕਰਨ ਵਿੱਚ ਮੱਦਦ ਕਰੇਗੀ, ਜਿਵੇਂ ਕਿ:

  • ਸਕੂਲਾਂ ਵਿੱਚ ਯੂਰੂਕ ਜਸਟਿਸ ਕਮਿਸ਼ਨ ਦੇ ਜਨਤਕ ਰਿਕਾਰਡ ਦੀ ਵਰਤੋਂ ਕਰਨਾ
  • ਰਵਾਇਤੀ ਆਦਿਵਾਸੀ ਨਾਵਾਂ ਦੀ ਵਰਤੋਂ ਕਰਕੇ ਸਥਾਨਾਂ (ਜਿਵੇਂ ਕਿ ਨਦੀਆਂ ਅਤੇ ਪਾਰਕਾਂ) ਦੇ ਨਾਮ ਰੱਖਣ ਵਿੱਚ ਮੱਦਦ ਕਰਨਾ
  • ਸਮਾਜਿਕ ਸਹੂਲਤਾਂ ਨੂੰ ਦੁਬਾਰਾ ਬਹਾਲ ਕਰਨ ਜਾਂ ਬਣਾਉਣ ਲਈ ਇੱਕ ਫ਼ਰਸਟ ਪੀਪਲਜ਼ ਇੰਫ੍ਰਾਸਟਰਕਚਰ ਫੰਡ ਸਥਾਪਤ ਕਰਨਾ
  • NAIDOC ਹਫ਼ਤੇ ਅਤੇ ਐਬੋਰਿਜ਼ਨਲ ਆਨਰ ਰੋਲ ਵਰਗੇ ਫ਼ਰਸਟ ਪੀਪਲਜ਼ ਸਮਾਗਮਾਂ ਅਤੇ ਪੁਰਸਕਾਰਾਂ ਦਾ ਆਯੋਜਨ ਕਰਨਾ।

ਇਹ ਸੰਧੀ ਕੀ ਨਹੀਂ ਕਰੇਗੀ?

  • ਵਿਕਟੋਰੀਆ ਜਾਂ ਕਾਮਨਵੈਲਥ ਦੇ ਸੰਵਿਧਾਨ ਵਿੱਚ ਕੋਈ ਤਬਦੀਲੀ ਨਹੀਂ ਕਰੇਗੀ
  • ਸੰਸਦ ਵਿੱਚ ਕੋਈ ਨਵਾਂ ਚੈਂਬਰ ਨਹੀਂ ਬਣਾਏਗੀ
  • ਟੈਕਸ ਕਾਨੂੰਨਾਂ ਵਿੱਚ ਕੋਈ ਤਬਦੀਲੀ ਨਹੀਂ ਕਰੇਗੀ ਜਾਂ ਵਿਅਕਤੀਗਤ ਭੁਗਤਾਨ ਨਹੀਂ ਦੇਵੇਗੀ

ਇਹ ਕਿਉਂ ਮਾਇਨੇ ਰੱਖਦਾ ਹੈ

ਸੰਧੀ ਦਾ ਉਦੇਸ਼ ਵਿਕਟੋਰੀਆ ਵਾਸੀਆਂ ਨੂੰ ਇਕੱਠੇ ਲਿਆਉਣਾ ਹੈ, ਤਾਂ ਜੋ ਅਸੀਂ ਸਾਰੇ ਐਬੋਰਿਜ਼ਨਲ ਇਤਿਹਾਸ ਅਤੇ ਜੀਵੰਤ ਸੱਭਿਆਚਾਰਾਂ ਨੂੰ ਸਮਝ ਸਕੀਏ ਅਤੇ ਉਹਨਾਂ ਦਾ ਆਦਰ ਕਰ ਸਕੀਏ।

ਇਹ ਕਿਸੇ ਦੇ ਅਧਿਕਾਰਾਂ ਨੂੰ ਖੋਹਣ ਬਾਰੇ ਨਹੀਂ ਹੈ।

ਟੀਚਾ ਇਹ ਹੈ ਕਿ ਸਾਰੇ ਵਿਕਟੋਰੀਆ ਵਾਸੀਆਂ ਨੂੰ ਇੱਕੋ ਜਿਹੇ ਮੌਕੇ ਮਿਲਣ, ਅਤੇ ਅਸੀਂ ਇਕੱਠੇ ਹੋ ਕੇ ਇੱਕ ਬਿਹਤਰ ਭਵਿੱਖ ਬਣਾਈਏ।

PDF

Victoria's Treaty Fact Sheet_Punjabi
PDF 195.45 KB
(opens in a new window)